ਕੈਨੇਡਾ ਦੀਆਂ ਸੰਸਦੀ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਜਨਤਾ ਨੇ ਹਰ ਇੱਕ ਪਾਰਟੀ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਦੇ ਹਿਸਾਬ ਨਾਲ ਮਾਣ ਬਖਸ਼ ਦਿੱਤਾ ਹੈ। ਜਸਟਿਨ ਟਰੂਡੋ ਦਾ ਲਗਾਤਾਰ ਦੂਜੀ ਵਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਉੱਤੇ ਬੈਠਣਾ ਤੈਅ ਮੰਨਿਆ ਜਾ ਰਿਹਾ ਹੈ। ਕਿਉਂਕਿ ਉਨ੍ਹਾਂ ਨੂੰ ਐਨਡੀਪੀ ਦੀ ਹਮਾਇਤ ਮਿਲ ਚੁੱਕੀ ਹੈ। ਇਸ ਵਾਰ ਐਨਡੀਪੀ ਮੁਖੀ ਜਗਮੀਤ ਸਿੰਘ ਕਿੰਗ ਮੇਕਰ ਦਾ ਰੋਲ ਅਦਾ ਕਰ ਰਹੇ ਹਨ। ਇਨ੍ਹਾਂ ਚੋਣਾਂ ਵਿੱਚ ਪੰਜਾਬੀ ਭਾਈਚਾਰੇ ਨੇ ਮੱਲਾਂ ਮਾਰੀਆਂ ਹਨ। ਇੰਨੇ ਵੱਡੇ ਮੁਲਕ ਵਿੱਚ ਪੰਜਾਬੀ ਸਰਗਰਮ ਸਿਆਸਤ ਵਿੱਚ ਹਿੱਸਾ ਲੈ ਰਹੇ ਹਨ। ਕਿੰਨੇ ਹੀ ਪੰਜਾਬੀ ਐਮ ਪੀ ਬਣ ਗਏ ਹਨ ਅਤੇ ਹੋਰ ਤਾਂ ਹੋਰ ਪੰਜਾਬੀ ਸਰਦਾਰ ਕਿੰਗ ਮੇਕਰ ਤੱਕ ਬਣ ਗਿਆ ਹੈ।
ਇਨ੍ਹਾਂ ਚੋਣਾਂ ਨੇ ਜਗਮੀਤ ਸਿੰਘ ਨੂੰ ਵਿਸ਼ਵ ਭਰ ਵਿੱਚ ਚਰਚਿਤ ਕਰ ਦਿੱਤਾ ਹੈ। ਉਨ੍ਹਾਂ ਨੂੰ ਪੂਰੇ ਵਿਸ਼ਵ ਦਾ ਬੱਚਾ ਬੱਚਾ ਜਾਨਣ ਲੱਗ ਗਿਆ ਹੈ। ਇਸ ਵਾਰ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਤਿੰਨ ਚਿਹਰੇ ਮੁੱਖ ਤੌਰ ਤੇ ਸ਼ਾਮਿਲ ਦਿਖਾਈ ਦੇ ਰਹੇ ਸਨ। ਜਿਨ੍ਹਾਂ ਵਿੱਚ ਲਿਬਰਲ ਦੇ ਜਸਟਿਨ ਟਰੂਡੋ ਕੰਜ਼ਰਵੇਟਿਵ ਪਾਰਟੀ ਦੇ ਐਂਡਰਿਊ ਸੀਰ ਅਤੇ ਐਨਡੀਪੀ ਦੇ ਜਗਮੀਤ ਸਿੰਘ ਸਨ। ਜੇਕਰ ਸਾਰੀਆਂ ਪਾਰਟੀਆਂ ਦੀ ਵੋਟ ਪ੍ਰਤੀਸ਼ਤ ਦੇਖੀ ਜਾਵੇ ਤਾਂ ਉਸ ਹਿਸਾਬ ਨਾਲ ਜਗਮੀਤ ਸਿੰਘ ਦੀ ਪਾਰਟੀ ਨੂੰ ਸੀਟਾਂ ਨਹੀਂ ਮਿਲ ਸਕੀਆਂ। ਇਹ ਅੰਕੜੇ ਜਗਮੀਤ ਸਿੰਘ ਦੀ ਪਤਨੀ ਗੁਰਕਿਰਨ ਕੌਰ ਨੇ ਸਾਂਝੇ ਕੀਤੇ ਹਨ।
ਉਹ ਦੱਸਦੇ ਹਨ ਕਿ ਲਿਬਰਲ ਪਾਰਟੀ ਨੂੰ 33 ਫੀਸਦੀ ਵੋਟਾਂ ਪਈਆਂ ਹਨ ਅਤੇ 46 ਫੀਸਦੀ ਸੀਟਾਂ ਮਿਲੀਆਂ ਹਨ। ਕੰਜ਼ਰਵੇਟਿਵ ਪਾਰਟੀ ਨੂੰ 34.4 ਫੀਸਦੀ ਵੋਟਾਂ ਮਿਲੀਆਂ ਹਨ ਅਤੇ ਉਹ 36 ਫੀਸਦੀ ਸੀਟਾਂ ਤੇ ਕਾਬਜ਼ ਹੋਏ ਬਲਾਕ ਕਿਊਬਿਕ ਨੂੰ 7.7 ਫੀਸਦੀ ਵੋਟਾਂ ਮਿਲੀਆਂ ਅਤੇ ਉਨ੍ਹਾਂ ਨੂੰ 9 ਫੀਸਦੀ ਸੀਟਾਂ ਮਿਲੀਆਂ। ਜਦ ਕਿ ਐਨਡੀਪੀ ਨੂੰ 15.9 ਫੀਸਦੀ ਵੋਟਾਂ ਪਈਆਂ ਅਤੇ ਸਿਰਫ 7 ਫੀਸਦੀ ਸੀਟਾਂ ਹੀ ਮਿਲੀਆਂ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਐਨਡੀਪੀ ਦੀ ਲੋਕਪ੍ਰਿਅਤਾ ਪੂਰੇ ਕੈਨੇਡਾ ਵਿੱਚ ਹੈ। ਉਨ੍ਹਾਂ ਦੀਆਂ ਵੋਟਾਂ ਖਿਲਰੀਆਂ ਹੋਈਆਂ ਹਨ।
ਜਿਸ ਕਰਕੇ ਸੀਟਾਂ ਘੱਟ ਪ੍ਰਾਪਤ ਹੋਈਆਂ। ਜਦ ਕਿ ਬਲਾਕ ਕਿਊਬਿਕ ਦੀ ਵੋਟ ਇੱਕ ਹੀ ਸਟੇਟ ਵਿੱਚ ਹੋਣ ਕਰਕੇ ਉਨ੍ਹਾਂ ਨੂੰ ਵੋਟ ਪ੍ਰਤੀਸ਼ਤ ਘੱਟ ਹੋਣ ਦੇ ਬਾਵਜੂਦ ਵੀ ਸੀਟ ਪ੍ਰਤੀਸ਼ਤ ਵੱਧ ਹਾਸਲ ਹੋਈ ਹੈ। ਇਨ੍ਹਾਂ ਚੋਣਾਂ ਵਿੱਚ ਲਿਬਰਲ ਪਾਰਟੀ ਨੂੰ 157 ਸੀਟਾਂ, ਕੰਜਰਵੇਟਿਵ ਨੂੰ 121 ਸੀਟਾਂ, ਬਲਾਕ ਕਿਊਬਿਕ ਨੂੰ 32 ਸੀਟਾਂ, ਐਨਡੀਪੀ ਨੂੰ 24 ਸੀਟਾਂ ਗ੍ਰੀਨ ਪਾਰਟੀ ਨੂੰ 3 ਅਤੇ ਆਜ਼ਾਦ ਉਮੀਦਵਾਰ ਨੂੰ ਇੱਕ ਸੀਟ ਮਿਲੀ। ਗੁਰਕਿਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਜਨਤਾ ਨੂੰ ਸੰਬੋਧਨ ਕਰ ਰਹੇ ਜਗਮੀਤ ਸਿੰਘ ਦੀ ਫੋਟੋ ਪਾ ਕੇ ਲਿਖਿਆ ਹੈ ਕਿ ਇਹ ਤਾਂ ਹਾਲੇ ਸਿਰਫ ਸ਼ੁਰੂਆਤ ਹੈ।
